ਨਾਬਾਲਿਗ ਹਨ ਗਿਰਫਤਾਰ ਕੀਤੇ ਗਏ 2 ਦੋਸ਼ੀ, 5 ਦੋਸ਼ੀ ਇੱਕੋ ਪਰਿਵਾਰ ਦੇ
ਲੁਧਿਆਣਾ, 27 ਜੂਨ (ਰਾਜਕੁਮਾਰ ਸਾਥੀ)। ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਵਲੋਂ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਕ ਔਰਤ ਸਮੇਤ 6 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਜਿਹਨਾਂ ਵਿੱਚੋਂ 5 ਦੋਸ਼ੀ ਇੱਕੋ ਪਰਿਵਾਰ ਨਾਲ ਸੰਬੰਧਿਤ ਹਨ। ਜੋ ਦੋਸ਼ੀ ਨਾਬਾਲਿਗ ਹਨ।
ਪੱਤਰਕਾਰਾਂ ਨੂੰ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ-2 ਕਰਨਵੀਰ ਸਿੰਘ, ਏਸੀਪੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਡਵੀਜਨ ਨੰਬਰ 6 ਦੀ ਐਸਐਚਓ ਕੁਲਵੰਤ ਕੌਰ ਨੇ ਦੱਸਿਆ ਕਿ 25 ਜੂਨ ਨੂੰ ਗਿਆਸਪੁਰਾ ਚੌਕ ਨੇੜੇੇ ਖਾਲੀ ਪਲਾਟ ਵਿੱਚ ਇਕ ਨਾਮਾਲੂਮ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ। ਇਸਦੀ ਸੂਚਨਾ ਮਿਲਣ ਤੇ ਸ਼ੇਰਪੁਰ ਚੌਕੀ ਦੇ ਏਐਸਆਈ ਦਵਿੰਦਰ ਸਿੰਘ ਦੇ ਬਿਆਨ ਤੇ ਅਣਪਛਾਤੇ ਕਾਤਲਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਐਸਐਚਓ ਕੁਲਵੰਤ ਕੌਰ ਦੀ ਅਗਵਾਈ ਵਿੱਚ ਟੀਮ ਨੇ ਤਫਤੀਸ਼ ਕਰਕੇ ਹੋਏ ਭਾਰਤੀ ਕਲੋਨੀ ਵਿੱਚ ਰਹਿਣ ਵਾਲੇ ਫਾਗੂ ਪ੍ਰਸਾਦ, ਉਸਦੀ ਪਤਨੀ ਊਸ਼ਾ ਦੇਵੀ, ਉਸਦੇ ਬੇਟੇ ਨੀਰਜ ਕੁਮਾਰ ਅਤੇ ਉਸਦੇ ਦੋ ਨਾਬਾਲਿਗ ਪੁੱਤਰਾਂ ਨੂੰ ਗਿਰਫਤਾਰ ਕਰ ਲਿਆ ਗਿਆ। ਇਸਦੇ ਨਾਲ ਹੀ ਸ਼ੇਰਪੁਰ ਕਲਾਂ ਦੇ ਰਹਿਣ ਵਾਲੇ ਸੀਡੂ ਕੁਮਾਰ ਨੂੰ ਵੀ ਗਿਰਫਤਾਰ ਕੀਤਾ ਗਿਆ। ਮ੍ਰਿਤਕ ਦੀ ਪਹਿਚਾਨ ਮਨੋਜ ਉਰਫ ਰਾਜੂ ਵਜੋਂ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਮਨੋਜ ਚੌਧਰੀ ਅਤੇ ਦੋਸ਼ੀ ਨੀਰਜ ਕੁਮਾਰ ਆਪਸ ਵਿੱਚ ਪੁਰਾਣੇ ਜਾਣਕਾਰ ਹਨ। 23 ਜੂਨ ਦੀ ਰਾਤ ਮ੍ਰਿਤਕ ਮਨੋਜ ਚੌਧਰੀ ਦੋਸ਼ੀ ਨੀਰਜ ਕੁਮਾਰ ਵਗੈਰਾ ਪਾਸ ਉਸ ਦੇ ਕਿਰਾਏ ਵਾਲੇ ਕਮਰੇ ਭਾਰਤੀ ਕਲੋਨੀ, ਲੁਧਿਆਣਾ ਵਿਖੇ ਆਇਆ ਸੀ। ਜਿੱਥੇ ਉਸ ਰਾਤ ਦੋਸ਼ੀਆਂ ਦੀ ਮ੍ਰਿਤਕ ਮਨੋਜ ਚੌਧਰੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋ ਗਈ। ਬਹਿਸਬਾਜੀ ਦੌਰਾਨ ਨੀਰਜ ਕੁਮਾਰ ਵਗੈਰਾ ਨੇ ਆਪਸ ਵਿਚ ਮਿਲ ਕੇ ਮਨੋਜ ਚੌਧਰੀ ਦੇ ਗੁੱਝੀਆਂ ਸੱਟਾਂ ਮਾਰੀਆ ਸਨ। ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਦੋਸ਼ੀਆਂ ਨੇ ਮਨੋਜ ਕੁਮਾਰ ਚੋਧਰੀ ਦੀ ਲਾਸ਼ ਆਪਣੇ ਕਮਰੇ ਵਿਚ ਛੁਪਾ ਕੇ ਰੱਖ ਲਈ। ਪਰ 24 ਜੂਨ ਨੂੰ ਆਪਣੇ ਜੁਰਮ ਨੂੰ ਛੁਪਾਉਣ ਲਈ ਉਹਨਾਂ ਨੇ ਮ੍ਰਿਤਕ ਮਨੋਜ ਚੌਧਰੀ ਦੀ ਲਾਸ਼ ਨੂੰ ਕੱਪੜਿਆਂ ਵਿੱਚ ਲਪੇਟ ਕੇ ਰੱਸੀਆ ਨਾਲ ਬੰਨ੍ਹ ਕੇ ਪਲਾਸਟਿਕ ਦੇ ਬੋਰੇ ਵਿੱਚ ਪਾ ਕੇ ਨੀਲੇ ਰੰਗ ਦੇ ਡਰੰਮ ਵਿੱਚ ਪਾ ਦਿੱਤਾ ਤੇ ਗਿਆਸਪੁਰਾ ਚੌਕ ਨੇੜੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਸੀ।
