
ਲੁਧਿਆਣਾ, 14 ਅਕਤੂਬਰ (ਸਤਬੀਰ ਸਿੰਘ)। ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ 19 ਅਕਤੂਬਰ ਨੂੰ 48ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸੱਭਿਆਚਾਰਕ ਮੇਲਾ ਮਨਾਉਣ ਦਾ ਫੈਸਲਾ ਕੀਤਾ ਗਿਆ। ਪ੍ਰਗਟ ਸਿੰਘ ਗਰੇਵਾਲ ਦੀ ਸਰਪ੍ਰਸਤੀ ਹੇਠ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਰਾਜੀਵ ਕੁਮਾਰ ਲਵਲੀ ਅਤੇ ਗੁਰਨਾਮ ਸਿੰਘ ਧਾਲੀਵਾਲ ਨੇ ਕੀਤੀ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦਾ ਖੁਲਾਸਾ ਕਰਦਿਆਂ ਰਾਜੀਵ ਕੁਮਾਰ ਲਵਲੀ ਅਤੇ ਗੁਰਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ 20 ਅਕਤੂਬਰ ਨੂੰ ਦੁਸਹਿਰਾ ਤਿਉਹਾਰ ਹੋਣ ਕਾਰਨ 19 ਅਕਤੂਬਰ ਨੂੰ ਸਿਰਫ਼ ਇੱਕ ਸਾਦਾ ਸਮਾਗਮ ਹੀ ਹੋਵੇਗਾ। ਉਨ੍ਹਾਂ ਦੱਸਿਆ ਕਿ 19 ਅਕਤੂਬਰ ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਨੇੜੇ ਪ੍ਰੋਫੈਸਰ ਮੋਹਨ ਸਿੰਘ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕਰਨ ਦੀ ਰਸਮ ਹੋਵੇਗੀ। ਇਸ ਮੌਕੇ ਜਗਦੇਵ ਸਿੰਘ ਜੱਸੋਵਾਲ ਅਤੇ ਪ੍ਰੋਫੈਸਰ ਮੋਹਨ ਸਿੰਘ ਨੂੰ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਲਵਲੀ ਅਤੇ ਧਾਲੀਵਾਲ ਨੇ ਕਿਹਾ ਕਿ ਫੁੱਲ ਮਾਲਾਵਾਂ ਭੇਟ ਕਰਨ ਦੀ ਰਸਮ ਦੌਰਾਨ, ਮੌਜੂਦ ਗਾਇਕ, ਕਵੀ ਅਤੇ ਸਾਹਿਤਕ ਹਸਤੀਆਂ ਪ੍ਰੋ. ਮੋਹਨ ਸਿੰਘ ਨੂੰ ਆਪਣੇ ਵਿਲੱਖਣ ਤਰੀਕਿਆਂ ਨਾਲ ਯਾਦ ਕਰਨਗੇ। ਉਨ੍ਹਾਂ ਨੇ ਸਾਰੇ ਪੰਜਾਬੀ ਕਲਾ ਪ੍ਰੇਮੀਆਂ ਅਤੇ ਪ੍ਰੋ. ਮੋਹਨ ਸਿੰਘ ਮੇਲੇ ਨਾਲ ਜੁੜੇ ਲੋਕਾਂ ਨੂੰ 19 ਅਕਤੂਬਰ ਨੂੰ ਸਵੇਰੇ 10 ਵਜੇ ਸ਼ਰਧਾਂਜਲੀ ਦੇਣ ਲਈ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।