
35179 ਵੋਟਾਂ ਲੈ ਕੇ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ

ਆਪ ਨੂੰ ਮਿਲੇ 39.05 ਫੀਸਦੀ ਵੋਟ, 27.24 ਫੀਸਦੀ ਵੋਟ ਲੈ ਕੇ ਦੂਜੇ ਨੰਬਰ ਤੇ ਰਹੇ ਕਾਂਗਰਸ ਦੇ ਆਸ਼ੂ

ਭਾਜਪਾ ਦੇ ਜੀਵਨ ਗੁਪਤਾ ਨੂੰ ਮਿਲੀਆਂ 22.56 ਫੀਸਦੀ ਵੋਟਾਂ, 9.10 ਫੀਸਦੀ ਵੋਟਾਂ ਲੈ ਕੇ ਜਮਾਨਤ ਵੀ ਨਹੀਂ ਬਚਾ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ

ਲੁਧਿਆਣਾ, 23 ਜੂਨ (ਰਾਜਕੁਮਾਰ ਸਾਥੀ)। ਲੁਧਿਆਣਾ ਪੱਛਮੀ ਹਲਕੇ ਵਿੱਚ ਹੋਈ ਜਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਵੀ ਇਹ ਸੀਟ ਆਮ ਆਦਮੀ ਪਾਰਟੀ ਕੋਲ ਹੀ ਰਹਿ ਗਈ। ਸਾਲ 2022 ਵਿੱਚ ਇਸ ਸੀਟ ਤੋਂ ਆਪ ਦੇ ਗੁਰਪ੍ਰੀਤ ਸਿੰਘ ਗੋਗੀ ਚੋਣ ਜਿੱਤ ਕੇ ਵਿਧਾਇਕ ਬਣੇ ਸਨ, ਤੇ ਹੁਣ ਆਪ ਦੇ ਹੀ ਸੰਜੀਵ ਅਰੋੜਾ ਨੇ ਇਸ ਸੀਟ ਲਈ ਹੋਈ ਜਿਮਨੀ ਚੋਣ ਜਿੱਤ ਲਈ। ਸੰਜੀਵ ਅਰੋੜਾ ਨੂੰ 35 ਹਜਾਰ 179 ਵਲੋਟਾਂ ਪਈਆਂ। ਜਦਕਿ ਦੂਜੇ ਨੰਬਰ ਤੇ ਰਹੇ ਕਾਂਗਰਸ ਤੇ ਭਾਰਤ ਭੂਸ਼ਣ ਆਸ਼ੂ ਨੂੰ 24 ਹਜਾਰ 542 ਵੋਟਾਂ ਹੀ ਮਿਲੀਆਂ। ਤੀਜੇ ਨੰਬਰ ਤੇ ਰਹੀ ਭਾਜਪਾ ਦੇ ਜੀਵਨ ਗੁਪਤਾ ਨੂੰ 20 ਹਜਾਰ 323 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਹੀ ਮਿਲ ਸਕੀਆਂ। ਯਾਨੀ ਲੁਧਿਆਣਾ ਪੱਛਮੀ ਦੀ ਸੀਟ ਫਿਰ ਤੋਂ ਆਮ ਆਦਮੀ ਪਾਰਟੀ ਦੇ ਕੋਲ ਹੀ ਆ ਗਈ। ਕਰੀਬ 2 ਸਾਲ 10 ਮਹੀਨੇ ਤੱਕ ਇਸ ਸੀਟ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਰਹੇ, ਪਰ 11 ਜਨਵਰੀ 2025 ਨੂੰ ਸ਼ੱਕੀ ਹਾਲਾਤਾਂ ਵਿੱਚ ਉਹਨਾਂ ਦੇ ਘਰ ਵਿੱਚ ਹੀ ਉਹਨਾਂ ਦੇ ਰਿਵਾਲਵਰ ਤੋਂ ਨਿੱਕਲੀ ਗੋਲੀ ਨੇ ਗੋਗੀ ਦੀ ਜਾਨ ਲੈ ਲਈ ਸੀ। ਹੁਣ ਆਮ ਆਦਮੀ ਪਾਰਟੀ ਦੇ ਹੀ ਸੰਜੀਵ ਅਰੋੜਾ ਨੂੰ ਬਤੌਰ ਵਿਧਾਇਕ ਕਰੀਬ 20 ਮਹੀਨੇ ਕੰਮ ਕਰਨ ਦਾ ਮੌਕਾ ਮਿਲੇਗਾ। ਚੋਣ ਨਤੀਜਿਆਂ ਦੇ ਮੁਤਾਬਿਕ ਆਮ ਆਦਮੀ ਪਾਰਟੀ ਨੂੰ 39.05 ਫੀਸਦੀ, ਕਾਂਗਰਸ ਨੂੰ 27.24 ਫੀਸਦੀ, ਭਾਜਪਾ ਨੂੰ 22.56 ਫੀਸਦੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 9.10 ਫੀਸਦੀ ਵੋਟ ਮਿਲੇ। ਦੱਸਣਯੋਗ ਹੈ ਕਿ ਲੁਧਿਆਣਾ ਪੱਛਮੀ ਹਲਕੇ ਵਿੱਚ ਕੁੱਲ 1 ਲੱਖ 75 ਹਜਾਰ 469 ਵੋਟਰ ਹਨ। ਜਿਹਨਾਂ ਵਿੱਚੋਂ 51.33 ਫੀਸਦੀ ਯਾਨੀ 90 ਹਜਾਰ 160 ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਘੁਮਾਰ ਮੰਡੀ ਦੇ ਖਾਲਸਾ ਕਾਲਜ ਫਾਰ ਵੁਮੈਨ ਵਿੱਚ ਹੋਈ ਵੋਟਾਂ ਦੀ ਗਿਣਤੀ ਦੌਰਾਨ 35 ਹਜਾਰ 179 ਵੋਟਾਂ ਲੈਣ ਵਾਲੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੂੰ ਜੇਤੂ ਕਰਾਰ ਦਿੱਤਾ ਗਿਆ। ਜਦਕਿ ਦੂਜੇ ਨੰਬਰ ਤੇ ਰਹੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 24 ਹਜਾਰ 542 ਵੋਟਾਂ, ਤੀਜੇ ਨੰਬਰ ਤੇ ਰਹੇ ਭਾਜਪਾ ਦੇ ਜੀਵਨ ਗੁਪਤਾ ਨੂੰ 20323 ਅਤੇ ਚੌਥੇ ਸਥਾਨ ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 8203 ਵੋਟਾਂ ਮਿਲੀਆਂ।
ਪੰਜਵੇਂ ਨੰਬਰ ਤੇ ਰਿਹਾ ਨੋਟਾ, ਅਲਬਰਟ ਦੁਆ ਨੂੰ ਮਿਲੀਆਂ ਆਜਾਦ ਉਮੀਦਵਾਰਾਂ ਵਿੱਚ ਸਭ ਤੋਂ ਵੱਧ ਵੋਟਾਂ

ਜਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਪੰਜਵੇਂ ਨੰਬਰ ਤੇ ਨੋਟਾਂ ਨੂੰ 793 ਵੋਟਾਂ ਪਈਆਂ। ਜਦਕਿ ਆਜਾਦ ਉਮੀਦਵਾਰਾਂ ਵਿੱਚ ਅਲਬਰਟ ਦੁਆ ਨੇ ਸਭ ਤੋਂ ਵੱਧ 280 ਵੋਟਾਂ ਹਾਸਲ ਕੀਤੀਆਂ। ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਿਕ ਐਨਐਲਐਸਪੀ ਦੇ ਜਤਿੰਦਰ ਕੁਮਾਰ ਸ਼ਰਮਾ ਨੂੰ 173, ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਨਵਨੀਤ ਕੁਮਾਰ ਗੋਪੀ ਨੂੰ 171, ਆਜਾਦ ਉਮੀਦਵਾਰਾਂ ਵਿੱਚ ਅਲਬਰਟ ਦੁਆ ਨੂੰ 280, ਗੁਰਦੀਪ ਸਿੰਘ ਕਾਹਲੋਂ ਨੂੰ 21, ਨੀਟੂ ਸ਼ਟਰਾਂਵਾਲਾ ਨੂੰ 112, ਪਰਮਜੀਤ ਸਿੰਘ ਭਰਾਜ ਨੂੰ 27, ਪਵਨਦੀਪ ਸਿੰਘ ਨੂੰ 39, ਬਲਦੇਵ ਰਾਜ ਕਤਨਾ ਨੂੰ 102, ਰਾਜੇਸ਼ ਸ਼ਰਮਾ ਨੂੰ 87 ਅਤੇ ਰੇਨੂੰ ਨੰ 108 ਵੋਟਾਂ ਮਿਲੀਆਂ।
ਅਮਨ ਨੇ ਚਾਰ ਦਿਨ ਪਹਿਲਾਂ ਹੀ ਕਰ ਦਿੱਤੀ ਸੀ ਪਹਿਲੇ ਨੰਬਰ ਵਾਲੇ ਦੀ ਭਵਿੱਖਬਾਣੀ

ਲੁਧਿਆਣਾ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਆਹੂਜਾ ਨੇ 21 ਜੂਨ ਨੂੰ ਫੇਸਬੁਕ ਤੇ ਇੰਸਟਾਗ੍ਰਾਮ ਤੇ ਵੀਡੀਓ ਪਾ ਕੇ ਚੋਣਾਂ ਵਿੱਚ ਪਹਿਲੇ ਨੰਬਰ ਤੇ ਰਹਿਣ ਵਾਲੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪੈਣਗੀਆ, ਇਸਦੀ ਭਵਿੱਖ ਬਾਣੀ ਕੀਤੀ ਸੀ, ਜੋ ਸਟੀਕ ਸਾਬਿਤ ਹੋਈ ਸੀ। ਅਮਨ ਆਹੂਜਾ ਨੇ ਆਪਣੀ ਵੀਡੀਓ ਵਿੱਚ ਕਿਹਾ ਸੀ ਕਿ ਪਹਿਲੇ ਨੰਬਰ ਤੇ ਰਹਿਣ ਵਾਲੇ ਉਮੀਦਵਾਰ ਨੂੰ 35 ਹਜਾਰ ਕੁਛ ਵੋਟਾਂ ਹੀ ਮਿਲਣਗੀਆਂ, ਜੋ ਸੰਜੀਵ ਅਰੋੜਾ ਨੂੰ 35 ਹਜਾਰ 179 ਵੋਟਾਂ ਪੈਣ ਨਾਲ ਸੱਚ ਸਾਬਿਤ ਹੋ ਗਈ। ਅਮਨ ਆਹੂਜਾ ਨੇ ਵੀਡੀਓ ਵਿੱਚ ਅਮਨ ਸ਼ਾਂਤੀ ਨਾਲ ਵੋਟਾਂ ਪੈਣ ਲਈ ਸਾਰੀਆਂ ਪਾਰਟੀਆਂ ਤੇ ਉਮੀਦਵਾਰਾਂ ਨੂੰ ਵਧਾਈ ਵੀ ਦਿੱਤੀ ਸੀ। ਨਤੀਜਿਆਂ ਤੋਂ ਬਾਅਦ ਅਮਨ ਆਹੂਜਾ ਨੇ ਕਿਹਾ ਕਿ ਵੋਟਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਸਾਰੇ ਲੋਕਾਂ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਹੈ।