ਸਰਤਾਜ, ਦਿਆਲ ਅਤੇ ਡੇਅਰੀ ਫਾਰਮ ਬ੍ਰਾਂਡਾਂ ਦਾ 135 ਕਿਲੋ ਦੇਸੀ ਘਿਓ, 3,405 ਕਿਲੋ ਖੁੱਲ੍ਹਾ ਦੇਸੀ ਘਿਓ ਅਤੇ ਕੁੱਲ 4,215 ਕਿਲੋ ਸ਼ੱਕੀ ਦੇਸੀ ਘਿਓ ਜ਼ਬਤ
ਲੁਧਿਆਣਾ, 24 ਅਕਤੂਬਰ (ਰਾਜਕੁਮਾਰ ਸਾਥੀ) । ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਜ਼ਿਲ੍ਹੇ ਭਰ ਵਿੱਚ ਜਾਂਚ ਮੁਹਿੰਮ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਨੇ ਕੈਲਾਸ਼ ਨਗਰ ਸਥਿਤ ਦੇਸੀ ਘਿਓ ਦੀ ਇੱਕ ਫੈਕਟਰੀ ’ਤੇ ਛਾਪੇਮਾਰੀ ਕਰਕੇ ਉੱਥੇ ਤਿਆਰ ਕੀਤੇ ਜਾ ਰਹੇ ਅਤੇ ਸਟੋਰ ਕੀਤੇ ਉਤਪਾਦਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ। ਜਾਂਚ ਦੌਰਾਨ ਟੀਮ ਵੱਲੋਂ ਫੈਕਟਰੀ ਵਿੱਚੋਂ ਦਿਆਲ, ਸਰਤਾਜ ਅਤੇ ਡੇਅਰੀ ਫਾਰਮ ਬ੍ਰਾਂਡਾਂ ਦਾ 135 ਕਿਲੋ ਦੇਸੀ ਘਿਓ ਅਤੇ 3,405 ਕਿਲੋ ਖੁੱਲ੍ਹਾ ਦੇਸੀ ਘਿਓ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਕੁੱਲ 4,215 ਕਿਲੋ ਸ਼ੱਕੀ ਦੇਸੀ ਘਿਓ ਜ਼ਬਤ ਕੀਤਾ ਗਿਆ। ਇਸ ਦੇ ਨਾਲ ਹੀ ਮਿਆਦ ਪੁੱਗ ਚੁੱਕੇ 675 ਕਿਲੋ ਦੇਸੀ ਘਿਓ ਦੀ ਪਛਾਣ ਕਰਕੇ ਉਸ ਨੂੰ ਨਿਯਮਾਂ ਅਨੁਸਾਰ ਜਬਤ ਕਰ ਦਿੱਤਾ ਗਿਆ, ਤਾਂ ਜੋ ਇਹ ਉਤਪਾਦ ਬਾਜ਼ਾਰ ਵਿੱਚ ਨਾ ਪਹੁੰਚ ਸਕੇ ਅਤੇ ਲੋਕਾਂ ਦੀ ਸਿਹਤ ਲਈ ਖਤਰਾ ਨਾ ਬਣੇ। ਟੀਮ ਨੇ ਫੈਕਟਰੀ ਵਿੱਚ ਮੌਜੂਦ ਉਤਪਾਦਾਂ ਦੀ ਪੈਕਿੰਗ, ਲੇਬਲਿੰਗ, ਮਿਆਦ ਅਤੇ ਸਟੋਰੇਜ ਪ੍ਰਬੰਧਾਂ ਦੀ ਵੀ ਜਾਂਚ ਕੀਤੀ। ਇਸ ਤੋਂ ਇਲਾਵਾ ਘਿਓ ਦੇ ਪੰਜ ਅਤੇ ਦੂਸਰੇ ਗੋਦਾਮ ਰੋਹਿਤ ਟ੍ਰੇਡਰ ਤੋ ਸਰ੍ਹੋਂ ਦੇ ਤੇਲ ਦਾ ਇੱਕ ਸੈਂਪਲ ਲੈ ਕੇ ਸਰਕਾਰੀ ਲੈਬਾਰਟਰੀ ਵਿੱਚ ਜਾਂਚ ਲਈ ਭੇਜਿਆ ਗਿਆ ਹੈ। ਇਨ੍ਹਾਂ ਸੈਂਪਲਾ ਦੀ ਜਾਂਚ ਰਾਹੀਂ ਉਤਪਾਦਾਂ ਵਿੱਚ ਮਿਲਾਵਟ, ਗੁਣਵੱਤਾ, ਸ਼ੁੱਧਤਾ ਅਤੇ ਸੁਰੱਖਿਆ ਸਬੰਧੀ ਨਿਰਧਾਰਤ ਮਾਪਦੰਡਾਂ ਦੀ ਪੜਤਾਲ ਕੀਤੀ ਜਾਵੇਗੀ। ਲੈਬਾਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਫਰਮ ਜਾਂ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਫੂਡ ਸੇਫਟੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈਆਂ, ਦੁੱਧ ਤੋਂ ਬਣੇ ਉਤਪਾਦਾਂ, ਘਿਓ, ਤੇਲ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਵਧ ਜਾਂਦੀ ਹੈ। ਇਸ ਕਾਰਨ ਮਿਲਾਵਟਖੋਰੀ ਅਤੇ ਮਿਆਦ ਪੁੱਗੀਆਂ ਵਸਤਾਂ ਦੀ ਵਿਕਰੀ ਨੂੰ ਰੋਕਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਵਿਸ਼ੇਸ਼ ਨਿਗਰਾਨੀ ਅਤੇ ਅਚਨਚੇਤ ਜਾਂਚਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਉਤਪਾਦਨ ਇਕਾਈਆਂ, ਗੋਦਾਮਾਂ, ਦੁਕਾਨਾਂ ਅਤੇ ਬਾਜ਼ਾਰਾਂ ਵਿੱਚ ਨਿਯਮਿਤ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਫੂਡ ਕਾਰੋਬਾਰ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਮਿਆਰੀ ਕੱਚਾ ਮਾਲ ਵਰਤਣ, ਉਤਪਾਦਾਂ ਦੀ ਸਹੀ ਲੇਬਲਿੰਗ ਕਰਨ ਅਤੇ ਮਿਆਦ ਪੁੱਗੀਆਂ ਜਾਂ ਸ਼ੱਕੀ ਵਸਤਾਂ ਨੂੰ ਬਾਜ਼ਾਰ ਵਿੱਚ ਨਾ ਭੇਜਣ।
ਸਿਵਲ ਸਰਜਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਾਣ-ਪੀਣ ਦੀਆਂ ਵਸਤਾਂ ਖਰੀਦਦੇ ਸਮੇਂ ਉਨ੍ਹਾਂ ਦੀ ਮਿਆਦ, ਪੈਕਿੰਗ, ਬੈਚ ਨੰਬਰ, ਲੇਬਲ ਅਤੇ ਗੁਣਵੱਤਾ ਸਬੰਧੀ ਜਾਣਕਾਰੀ ਜ਼ਰੂਰ ਜਾਂਚਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨ, ਫੈਕਟਰੀ ਜਾਂ ਹੋਰ ਸਥਾਨ ’ਤੇ ਮਿਲਾਵਟੀ, ਮਿਆਦ ਪੁੱਗੀ ਜਾਂ ਸ਼ੱਕੀ ਖਾਣ-ਪੀਣ ਵਾਲੀ ਵਸਤੂ ਵੇਖਣ ਨੂੰ ਮਿਲੇ ਤਾਂ ਇਸ ਬਾਰੇ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।
