ਲੁਧਿਆਣਾ (ਰਾਜਕੁਮਾਰ ਸਾਥੀ)। ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕੱਢੀ ਗਈ ਭਗਵਾਨ ਜਗਨਨਾਥ ਰਥ ਯਾਤਰਾ ਵਿੱਚ ‘ਆਪ’ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਨੂੰ ‘ਪ੍ਰਸ਼ਾਦ’ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਰੱਥ ਯਾਤਰਾ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਜੋ ਕਿ ਪਿਛਲੇ ਸਾਲਾਂ ਦੌਰਾਨ ਬਹੁਤ ਮਹੱਤਵ ਹਾਸਲ ਕਰ ਚੁੱਕੀ ਹੈ। ਇਸ ਰੱਥ ਯਾਤਰਾ ਦੀ ਸ਼ੁਰੂਆਤ ਪਹਿਲੀ ਵਾਰ ਸਾਲ 1996 ਤੋਂ ਕੀਤੀ ਗਈ ਸੀ।ਉਨ੍ਹਾਂ ਕਿਹਾ ਕਿ ਪ੍ਰਬੰਧਕ ਲੋਕਾਂ ਨੂੰ ਧਰਮ ਅਤੇ ਅਧਿਆਤਮਵਾਦ ਨਾਲ ਜੋੜ ਕੇ ਸ਼ਲਾਘਾਯੋਗ ਕੰਮ ਕਰ ਰਹੇ ਹਨ, ਜਿਸ ਲਈ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਅਰੋੜਾ ਨੇ ਕਿਹਾ ਕਿ ਉਹ ਸਖਤ ਗਰਮੀ ਦੇ ਬਾਵਜੂਦ ਸ਼ਰਧਾਲੂਆਂ ਦੀ ਭਾਰੀ ਭੀੜ ਦੇਖ ਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਹ ਧਰਮ ਅਤੇ ਅਧਿਆਤਮਵਾਦ ਪ੍ਰਤੀ ਲੋਕਾਂ ਦੀ ਅਸਲ ਭਾਵਨਾ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਰੱਥ ਯਾਤਰਾ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਹਿੱਸਾ ਲਿਆ ਹੈ ਜੋ ਦਰਸਾਉਂਦਾ ਹੈ ਕਿ ਸੂਬੇ ਵਿਚ ਪੂਰਨ ਭਾਈਚਾਰਾ ਕਾਇਮ ਹੈ। ਅੱਜ ਦੀ ਭੀੜ ਇਹ ਵੀ ਦਰਸਾਉਂਦੀ ਹੈ ਕਿ ਸੂਬੇ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਬਣੀ ਹੋਈ ਹੈ। ਇਹ ਰੱਥ ਯਾਤਰਾ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਲੰਘੀ। ਇਸ ਮੌਕੇ ਭਗਵਾਨ ਜਗਨਨਾਥ ਰਥ ਯਾਤਰਾ ਮਹੋਤਸਵ ਕਮੇਟੀ ਦੇ ਪ੍ਰਧਾਨ ਰਾਜੇਸ਼ ਢਾਂਡਾ, ਪ੍ਰਧਾਨ ਸਤੀਸ਼ ਗੁਪਤਾ, ਜਨਰਲ ਸਕੱਤਰ ਐਡਵੋਕੇਟ ਸੰਜੀਵ ਸੂਦ ਬਾਂਕਾ, ਸਕੱਤਰ ਅਨਿਲ ਸਲੂਜਾ, ਉਪ ਚੇਅਰਮੈਨ ਸੁਖਦਰਸ਼ਨ ਜੈਨ ਭੋਲਾ ਆਦਿ ਹਾਜ਼ਰ ਸਨ।