
ਲੁਧਿਆਣਾ, 15 ਜੁਲਾਈ (ਦੀਪਕ)। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਕਮਿਸ਼ਨਰੇਟ ਦਫ਼ਤਰ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਲੁਧਿਆਣਾ ਦੇ ਪ੍ਰਮੁੱਖ ਸਕੂਲਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਸੇਫ ਸਕੂਲ ਵਾਹਨ ਯੋਜਨਾ ਦੇ ਤਹਿਤ ਸੁਚੱਜੇ ਨਿਰਦੇਸ਼ਾਂ ਅਤੇ ਸਕੂਲਾਂ ਦੇ ਗੇਟਾਂ ਦੇ ਆਲੇ-ਦੁਆਲੇ ਟਰੈਫਿਕ ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨਾਂ ਦੀ ਗੱਲ ਕੀਤੀ ਗਈ। ਮੀਟਿੰਗ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਟਰੈਫਿਕ ਵਿਗ ਦੇ ਸੀਨੀਅਰ ਅਧਿਕਾਰੀਆਂ ਡੀਸੀਪੀ ਟਰੈਫਿਕ ਪਰਮਿੰਦਰ ਸਿੰਘ ਭੰਡਾਲ, ਏਡੀਸੀਪੀ ਟਰੈਫਿਕ ਮਿਸ ਗੁਰਪ੍ਰੀਤ ਕੌਰ ਪੁਰੇਵਾਲ, ਏਸੀਪੀ ਟਰੈਫਿਕ-1 ਜਤਿਨ ਬਾਂਸਲ, ਏਸੀਪੀ ਟਰੈਫਿਕ-2 ਗੁਰਪ੍ਰੀਤ ਸਿੰਘ ਨੇ ਹਿੱਸਾ ਲਿਆ। ਸਕੂਲ ਖੁੱਲਣ ਅਤੇ ਬੰਦ ਹੋਣ ਦੇ ਸਮੇਂ ਟਰੈਫਿਕ ਜਾਮ ਨੂੰ ਘਟਾਉਣ ਲਈ ਸਕੂਲ ਪ੍ਰਬੰਧਕਾਂ ਨੂੰ 10 ਟਰੈਫਿਕ ਮਾਰਸ਼ਲਜ਼/ਵਲੰਟੀਅਰਜ਼ ਨੂੰ ਟਰੈਫਿਕ ਪ੍ਰਬੰਧਨ ਵਿੱਚ ਸਹਾਇਤਾ ਲਈ ਤਾਇਨਾਤ ਕਰਨ ਦੀ ਸਪਸ਼ਟ ਹਦਾਇਤ ਦਿੱਤੀ ਗਈ ਹੈ। ਇਹ ਮਾਰਸ਼ਲਜ਼ ਆਪਣੇ-ਆਪਣੇ ਸਕੂਲਾਂ ਵਲੋਂ ਤਾਇਨਾਤ ਕੀਤੇ ਜਾਣਗੇ ਅਤੇ ਲੁਧਿਆਣਾ ਪੁਲਿਸ ਦੁਆਰਾ ਤਾਇਨਾਤ ਟਰੈਫਿਕ/ਪੀ.ਸੀ.ਆਰ ਅਧਿਕਾਰੀਆਂ ਨਾਲ ਸਹਿ-ਸੰਚਾਲਿਤ ਹੋਣਗੇ। ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਪਏਗਾ ਕਿ ਉਹਨਾਂ ਦੇ ਖੇਤਰ ਵਿੱਚ ਕੋਈ ਵੀ ਅਣ-ਅਧਿਕਾਰਿਤ ਪਾਰਕਿੰਗ ਨਾ ਹੋਵੇ। ਸਕੂਲ ਪ੍ਰਬੰਧਕਾਂ ਦੇ ਨਾਲ-ਨਾਲ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਵੀ ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕਰਨੀ ਹੋਵੇਗੀ। ਸਕੂਲਾਂ ਨੂੰ ਸੇਫ ਸਕੂਲ ਵਾਹਨ ਸਕੀਮ ਦੇ ਅਧੀਨ ਸੁਰੱਖਿਆ ਨਿਯਮਾਂ ਦੀ ਪਾਲਨਾ ਕਰਨ ਦੀ ਹਦਾਇਤ ਕੀਤੀ ਗਈ ਹੈ। ਜਿਸ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਸੁਨਿਸ਼ਚਿਤ ਹੋ ਸਕੇ ਅਤੇ ਸਕੂਲ ਜ਼ੋਨਜ਼ ਵਿੱਚ ਹੋਣ ਵਾਲੀਆਂ ਦੁਰਘਟਨਾਵਾਂ ਦੀ ਸੰਭਾਵਨਾ ਘੱਟ ਹੋ ਸਕੇ। ਮੀਟਿੰਗ ਵਿੱਚ ਲੁਧਿਆਣਾ ਦੇ ਕਈ ਪ੍ਰਮੁੱਖ ਸਕੂਲਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਗਰੀਨਲੈਂਡ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਬਾਈਪਾਸ, ਲੁਧਿਆਣਾ, ਸੇਕਰੇਡ ਹਾਰਟ ਕਨਵੈਂਟ ਸਕੂਲ, ਸੈਕਟਰ-39, ਚੰਡੀਗੜ੍ਹ ਰੋਡ, ਰਾਇਨ ਇੰਟਰਨੇਸ਼ਨਲ ਸਕੂਲ, ਜਮਾਲਪੁਰ, ਬੀ.ਸੀ.ਐਮ ਸਕੂਲ, ਸੈਕਟਰ 32, ਚੰਡੀਗੜ੍ਹ ਰੋਡ, ਸੇਕਰੇਡ ਹਾਰਟ ਕਨਵੈਂਟ ਸਕੂਲ, ਸਾਹਨੇਵਾਲ, ਸਚਦੇਵਾ ਸਕੂਲ, ਸਾਹਨੇਵਾਲ, ਗਰੀਨਲੈਂਡ ਸੀਨੀਅਰ ਸੈਕੰਡਰੀ ਸਕੂਲ, ਦੁਗਰੀ, ਸਤਪਾਲ ਮਿੱਤਲ ਸਕੂਲ, ਦੁਗਰੀ, ਬੀ.ਸੀ.ਐਮ ਸਕੂਲ, ਬਸੰਤ ਐਵਨਿਊ, ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਸੇਕਰੇਡ ਹਾਰਟ ਕਨਵੈਂਟ ਸਕੂਲ, ਸਰਾਭਾ ਨਗਰ, ਕੇ.ਵੀ.ਐਮ ਸਕੂਲ, ਸਿਵਿਲ ਲਾਈਨਜ਼ ਅਤੇ ਡੀ.ਏ.ਵੀ ਸਕੂਲ, ਬੀਆਰਐਸ ਨਗਰ ਸ਼ਾਮਿਲ ਸਨ। ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਸਕੂਲ ਜਾਂਦੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਲੁਧਿਆਣਾ ਵਿੱਚ ਟਰੈਫਿਕ ਵਾਤਾਵਰਣ ਨੂੰ ਹੋਰ ਵਧੀਆ ਬਣਾਉਣ ਲਈ ਆਪਣੀ ਪੂਰੀ ਤਰ੍ਹਾਂ ਵਚਨਬੱਧਤਾ ਦੁਹਰਾਈ ਹੈ। ਅਧਿਕਾਰੀਆਂ ਨੇ ਯਕੀਨ ਦਿਵਾਇਆ ਹੈ ਕਿ ਪੁਲਿਸ ਅਤੇ ਸਕੂਲ ਕਮਿਊਨਿਟੀ ਦੇ ਸਾਂਝੇ ਯਤਨਾਂ ਨਾਲ ਟਰੈਫਿਕ ਜਾਮ ਨੂੰ ਕਾਫੀ ਘਟਾਇਆ ਜਾ ਸਕਦਾ ਹੈ ਅਤੇ ਸੜਕਾਂ ’ਤੇ ਹੋਰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ।