ਵਿੱਤ ਮੰਤਰੀ ਨੇ ਕੀਤੀ ‘ਸਾਡਾ ਕਰੋਬਾਰ, ਪੰਜਾਬ ਦੀ ਸ਼ਾਨ’ ਪ੍ਰੋਗਰਾਮ ਦੀ ਸ਼ੁਰੂਆਤ
ਲੁਧਿਆਣਾ (ਰਾਜਕੁਮਾਰ ਸਾਥੀ) । ਗਲੋਬਲ ਅਲਾਇੰਸ ਫਾਰ ਮਾਸ ਇੰਟ੍ਰਨਪ੍ਰਨਯਰਿਯੂਸ਼ਿਪ (ਗੇਮ) ਵੱਲੋਂ ਉਦਯੋਗ ਅਤੇ ਵਣਜ ਵਿਭਾਗ (ਪੰਜਾਬ ਸਰਕਾਰ) ਅਤੇ ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.) ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ਐਕਸੀਲੇਟਰ ਲੁਧਿਆਣਾ – ‘ਸਾਡਾ ਕਰੋਬਾਰ, ਪੰਜਾਬ ਦੀ ਸ਼ਾਨ’ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ, ਮੁੱਖ ਸਕੱਤਰ, ਵਿਨੀ ਮਹਾਜਨ, ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ, ਗੇਮ ਦੇ ਸੰਸਥਾਪਕ ਰਵੀ ਵੈਂਕਟਸਨ, ਡੈਨੀਅਲ ਇਸੇਨਬਰਗ ਨੇ ਵੀਡੀਓ ਕਾਨਫਰੰਸ ਰਾਹੀਂ ਅਤੇ ਸਚਿਤ ਜੈਨ, ਵਾਈਸ ਚੇਅਰਮੈਨ ਅਤੇ ਐਮ.ਡੀ, ਵਰਧਮਾਨ ਸਪੈਸ਼ਲ ਸਟੀਲਜ਼ ਅਤੇ ਗੇਮ ਪੰਜਾਬ ਟਾਸਕਫੋਰਸ ਦੇ ਚੇਅਰਮੈਨ, ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ, ਉਪਕਾਰ ਸਿੰਘ ਆਹੂਜਾ, ਪ੍ਰਧਾਨ, ਸੀ.ਆਈ.ਸੀ.ਯੂ., ਹੋਰ ਪ੍ਰਮੁੱਖ ਮਹਿਮਾਨਾਂ ਅਤੇ ਉੱਦਮੀਆਂ ਵੱਲੋਂ ਸੀਸੂ ਕੰਪਲੈਕਸ ਫੋਕਲ ਪੁਆਇੰਟ ਲੁਧਿਆਣਾ ਤੋਂ ਕੀਤੀ। ਐਕਸੀਲੇਟਰ ਲੁਧਿਆਣਾ ਦੇ ਪਹਿਲੇ ਸਮੂਹ ਵਿੱਚ 2 ਕਰੋੜ ਰੁਪਏ ਤੋਂ 50 ਕਰੋੜ ਰੁਪਏ ਸਾਲਾਨਾ ਦੇ ਵਪਾਰ ਕਰਨ ਵਾਲੇ 27 ਉੱਦਮੀਆਂ ਨੂੰ ਇਸ ਪਾਇਲਟ ਪ੍ਰੋਜੈਕਟ ਰਾਹੀਂ ਸ਼ਾਮਲ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੱਸਿਆ ਕਿ ਪੰਜਾਬ ਦੀ ਉੱਦਮੀ ਭਾਵਨਾ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਅਤੇ ਪਿਛਲੇ ਸਾਲਾਂ ਦੌਰਾਨ ਅਸੀਂ ਰਾਜ ਵਿੱਚ ਵਪਾਰਕ ਮਾਹੌਲ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸਾਂ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਅਤੇ ਨਵੇਂ ਉੱਦਮੀਆਂ ਲਈ ਵਧੇਰੇ ਮੌਕੇ ਪੈਦਾ ਕਰਨ, ਵਧੇਰੇ ਨਿਵੇਸ਼ ਨੂੰ ਆਕਰਸ਼ਤ ਕਰਨ ਅਤੇ ਮਜ਼ਬੂਤ ਉਦਯੋਗਿਕ ਵਿਕਾਸ ਲਈ ਕਾਰੋਬਾਰ ਕਰਨ ਵਿੱਚ ਅਸਾਨਤਾ ਵਧਾਉਣ ਲਈ ਵਚਨਬੱਧ ਹਾਂ। ”ਇਸੇ ਤਰਜ਼ ‘ਤੇ, ਮੈਂ ਪੰਜਾਬ ਦੇ ਸਭ ਤੋਂ ਵੱਡੇ ਉਦਯੋਗਿਕ ਕੇਂਦਰ-ਲੁਧਿਆਣਾ ਵਿੱਚ ਸ਼ੁਰੂ ਹੋਈ ਇਸ ਸਕੀਮ ਨੂੰ ਸੁਰੂ ਕਰਦਿਆਂ ਬਹੁਤ ਖੁਸ਼ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਉੱਦਮ, ਉਦਯੋਗਪਤੀਆਂ ਨੂੰ ਪ੍ਰਫੁੱਲਿਤ ਕਰੇਗਾ,” । ਵਿਨੀ ਮਹਾਜਨ ਨੇ ਕਿਹਾ ਕਿ ਇਹ ਐਕਸੀਲੇਟਰ ਉਦਯੋਗਿਕ ਗਤੀ ਨੂੰ ਵਧਾਉਣ ਅਤੇ ਪੰਜਾਬ ਵਿੱਚ ਮਾਈਕਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜਜ਼ (ਐਮਐਸਐਮਈਜ਼) ਨੂੰ ਉਤਸ਼ਾਹਤ ਕਰਨ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਇਸ ਪ੍ਰੋਗਰਾਮ ਵਿਚ ਗੇਮ ਅਤੇ ਹੋਰ ਹਿੱਸੇਦਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਪ੍ਰੋਗਰਾਮ ਲਈ ਲੁਧਿਆਣਾ ਨੂੰ ਦੇਸ਼ ਦੇ ਪਹਿਲੇ ਸ਼ਹਿਰ ਵਜੋਂ ਚੁਣਿਆ ਗਿਆ ਹੈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਐਕਸੀਲੇਟਰ ਇੱਕ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਵਾਲਾ ਐਕਸਲੇਟਰ ਪ੍ਰੋਗਰਾਮ ਹੈ, ਜੋ ਕਿ ਸ਼ਹਿਰ ਦੇ ਉਦਯੋਗਪਤੀਆਂ ਲਈ ਬਹੁਤ ਲਾਹੇਵੰਦ ਹੋਵੇਗਾ।